ਧਰਮ ਤੇ ਭਰਮ ਇਕ ਦੂਜੇ ਤੋਂ ਉਲਟ ਗੱਲਾਂ ਨੇ।
ਭਰਮੀ ਕਦੀ ਧਰਮੀ ਨਹੀਂ ਹੋ ਸਕਦਾ, ਤੇ ਧਰਮ ਕਦੀ ਭਰਮ ਨਹੀਂ ਪੈਣ ਦੇਂਦਾ।
ਪਰ ਅਫਸੋਸ, ਕਿ ਧਰਮੀ ਅਖਵਾਉਣ ਵਾਲ਼ੇ ਅਸੀਂ, ਸਿਰਫ ਭਰਮ ਹੀ ਇਕੱਠੇ ਕਰ ਰਹੇ ਹਾਂ।
ਧਰਮ, ਗਿਆਨ ਦੇ ਕੇ ਆਜ਼ਾਦ, ਬੇਮੁਹਤਾਜ ਕਰਦਾ ਹੈ;
ਭਰਮ, ਗ਼ੁਲਾਮ ਬਣਾਉਂਦਾ ਹੈ, ਮੋਹਤਾਜ ਕਰਦਾ ਹੈ।
ਧਰਮ, ਭਰਮ ਤੇ ਭੇਖ ਤੋਂ ਮੁਕਤ ਕਰਦਾ ਹੈ;
ਪਰ ਅਸੀਂ ਭਰਮ ਤੇ ਭੇਖ ਨੂੰ ਹੀ ਧਰਮ ਮੰਨ ਲਿਆ ਹੈ।
ਭਰਮ, ਡਰ ਫਿਕਰ, ਵਖਰੇਵੇਂ ਪੈਦਾ ਕਰਕੇ ਵੰਡੀਆਂ ਪਾਉਂਦਾ ਹੈ, ਝਗੜੇ ਪਾਉਂਦਾ ਹੈ।
ਧਰਮ ਤਾਂ ਪਿਆਰ ਹੈ, ਦਇਆ ਹੈ।
ਛੋਟੀ ਉਮਰ ਦੇ ਬੱਚੇ, ਇਕੱਠੇ ਖੇਲਦੇ, ਹੱਸਦੇ, ਖ਼ੁਸ਼ ਰਹਿੰਦੇ ਨੇ।
ਲੜ ਵੀ ਪੈਂਦੇ ਨੇ, ਪਰ ਫਿਰ ਇਕੱਠੇ। ਕੋਈ ਨਫਰਤ ਨਹੀਂ। ਕੋਈ ਕਪਟ ਨਹੀਂ।
ਪਰ, ਉਹ ਨਾਸਮਝ ਨੇ।
ਫਿਰ ਅਸੀਂ ਉਨ੍ਹਾਂ ਨੂੰ ਅਕਲ ਦਿੰਦੇ ਹਾਂ। ਉਹ ‘ਧਰਮ’ ਸਿਖਾਉਂਦੇ ਹਾਂ, ਜੋ ਅਸੀਂ ਮੰਨਦੇ ਹਾਂ। ਫਿਰ ਉਹ ਹਿੰਦੂ, ਮੁਸਲਮਾਨ, ਸਿੱਖ ਤੇ ਕਿਤੇ ਬਾਹਮਣ, ਜੱਟ, ਚਮਾਰ, ਛੀਂਬੇ, ਰਾਮਗੜੀਏ ਤੇ ਕਿਤੇ ਮੋਨੇ, ਦੁਮਾਲੇ, ਪੱਗ ਤੇ ਕਿਤੇ ਨੀਲੇ, ਪੀਲੇ, ਚਿੱਟੇ, ਕਾਲ਼ੇ… ਤੇ ਹੋਰ ਪਤਾ ਨਹੀਂ ਕੀ ਕੀ ਬਣ ਜਾਂਦੇ ਨੇ। ਤੇ ਹਰ ਇੱਕ ਦੂਜਿਆਂ ਤੋਂ ਸਿਆਣਾ ਤੇ ਸਹੀ ਹੋਣ ਦਾ ਭਰਮ ਪਾਲ਼ ਕੇ ਉਮਰ ਭਰ ਲੜਦਾ ਤੇ ਸੜਦਾ ਰਹਿੰਦਾ ਹੈ।
ਜੇ ਬੱਚੇ ਬੇਸਮਝ ਸੀ ਤੇ ਅਸੀਂ ਸਮਝਦਾਰ, ਤਾਂ ਸਾਡੀ ਐਸੀ ਸਮਝਦਾਰੀ ਤੇ ਲਾਹਣਤ ਨਹੀਂ ਪੈਣੀ ਚਾਹੀਦੀ????
ਸੋਚੋ!! ਅਸੀਂ ਧਰਮੀ ਹਾਂ ਕਿ ਭਰਮੀ???
ਅਸੀਂ ਧਰਮੀ ਨਹੀਂ। ਇਹ ਧਰਮੀ ਹੋਣ ਦਾ ਪਖੰਡ ਜਿੰਨਾ ਜਲਦੀ ਹੋ ਸਕੇ ਉਤਾਰ ਲਈਏ।
ਧਰਮ ਕਹਿੰਦਾ ਸਚ ਬੋਲ, ਤੇ ਅਸੀਂ ??
ਧਰਮ ਨੇ ਕਿਹਾ ਸਾਰਿਆਂ ‘ਚ ਰੱਬ ਹੈ; ਅਸੀਂ???
ਧਰਮ ਮੰਨਦੈ ਕੋਈ ਉੱਚਾ ਨੀਵਾਂ ਨਹੀਂ; ਤੇ ਅਸੀਂ???
ਧਰਮ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ; ਹਾਂ ਜੀ, ਅਸੀਂ ਕੀ ਮੰਨਦੇ ਹਾਂ????
ਧਰਮ ਅਨੁਸਾਰ ਏਕ ਪਿਤਾ ਏਕਸ ਕੇ ਹਮ ਬਾਰਿਕ; ਤੇ ਅਸੀਂ???
ਲਿਸਟ ਬਹੁਤ ਲੰਬੀ ਹੈ।
ਅਸੀਂ ਧਰਮ ਨੂੰ ਨਹੀਂ ਮੰਨਦੇ, ਸਿਰਫ ਉਸਦਾ ਪਖੰਡ ਕਰਦੇ ਹਾਂ ਤੇ ਫਿਰ ਅਪਣੀ ਹਉਮੈ ਕਰਕੇ ਲੜਦੇ, ਨਫਰਤ ‘ਚ ਸੜ੍ਹਦੇ ਹਾਂ; ਤੇ ਜਾਂ ਨਿੱਤ ਨਵੇਂ ਭਰਮ ਇਕੱਠੇ ਕਰਕੇ ਝੂਠ ਤੇ ਢੋਂਗ ਦੇ ਹੀ ਗ਼ੁਲਾਮ ਬਣ ਕੇ ਰਹਿ ਜਾਂਦੇ ਹਾਂ – ਉਮਰ ਭਰ ਉਲਝੇ ਹੋਏ।
ਬਿਨਾਂ ਸਮਝੇ ਕੀਤਾ ਜਾ ਰਿਹਾ ਧਰਮ ਕਰਮ ਸਿਰਫ ਭਾਰ ਹੀ ਹੈ, ਕਰਮ-ਕਾਂਡ ਹੀ ਹੈ। ਗਿਆਨ ਤੋਂ ਬਿਨਾਂ ਧਰਮ ਨਹੀਂ ਹੁੰਦਾ। ਜੋ ਹੈ, ਉਹ ਹਜ਼ਾਰਾਂ ਸਾਲਾਂ ਦੀ ਸਾਡੀ ਗੁਲਾਮ ਮਾਨਸਿਕਤਾ ਦਾ ਸੰਗਲ਼, ਜਿਸ ‘ਚ ਬੱਝਿਆ ਹਰ ਕੋਈ ਦੂਜੇ ਨਾਲ਼ੋਂ ਵੱਧ ਧਰਮੀ ਹੋਣ ਦਾ ਭਰਮ ਪਾਲ਼ੀ ਬੈਠਾ ਹੈ।
ਇੰਦਰਜੀਤ ਸਿੰਘ ਗੁਰਾਇਆ
ਬੋਨਸ ਵੀਡੀਓ: