ਗੁਰੂ ਦੀ ਕਿਰਪਾ, ਤੇ ਗੁਰੂ ਦੀ ਸੇਵਾ

ਸਿੱਖ ਧਰਮ ਵਿੱਚ ਸੇਵਾ ਦਾ ਸੰਕਲਪ ਬਹੁਤ ਵੱਡਾ ਹੈ। ਗੁਰਬਾਣੀ ਵਿੱਚ ਬਹੁਤ ਥਾਂ ਸੇਵਾ ਦੀ ਗੱਲ ਆਉਂਦੀ ਹੈ। ਕਈ ਥਾਵਾਂ ਤੇ ਗੁਰੂ ਦੀ ਸੇਵਾ ਦੀ ਗੱਲ ਹੈ, ਕਈ ਥਾਈਂ ਪਰਮਾਤਮਾ ਦੀ ਸੇਵਾ। ਉਂਝ ਅਰਥ ਵੀਚਾਰ ਕਰਦਿਆਂ ਭਾਵੇਂ ਅਸੀਂ ਇਨ੍ਹਾਂ ਦੇ ਫਰਕ ਨੂੰ ਨਜ਼ਰਅੰਦਾਜ਼ ਕਰ ਜਾਂਦੇ ਹਾਂ, ਪਰ ਇਹ ਦੋ ਵੱਖੋ ਵੱਖ ਸੰਕਲਪ ਹਨ, ਤੇ ਦੋਵਾਂ ਦਾ ਸੁਮੇਲ ਹੀ ਸਿੱਖ ਜੀਵਨ ਨੂੰ ਉੱਤਮ ਬਣਾਉਂਦਾ ਹੈ। 
ਏਦਾਂ ਹੀ ਪਰਮਾਤਮਾ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਦੀ ਗੱਲ ਵੀ ਬਾਰ-ਬਾਰ ਹੁੰਦੀ ਹੈ।
ਆਓ, ਅੱਜ ਗੁਰੂ ਦੀ ਸੇਵਾ, ਅਤੇ ਗੁਰੂ ਦੀ ਕਿਰਪਾ ਬਾਰੇ ਵੀਚਾਰ ਕਰੀਏ।
ਬਹੁਤ ਵਾਰ ਅਸੀਂ ਇਹ ਸੁਣਦੇ ਹਾਂ ਕਿ ਗੁਰੂ ਦੀ ਸੇਵਾ ਨਾਲ ਗੁਰੂ ਦੀ ਕਿਰਪਾ ਮਿਲੇਗੀ। ਨਾਲ਼ ਹੀ ਕਈ ਵਾਰ ਇਹ ਵੀ ਸੁਣੀਦਾ ਹੈ ਕਿ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਗੁਰੂ ਦੀ ਸੇਵਾ ਹੁੰਦੀ ਹੈ। ਇਹ ਗੱਲਾਂ ਇਕ ਦੂਜੇ ਤੋਂ ਉਲਟ ਮਹਿਸੂਸ ਹੁੰਦੀਆਂ ਨੇ। ਪਰ ਜੇ ਅਸੀਂ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰੀਏ, ਤਾਂ ਜਰੂਰ ਇਨ੍ਹਾਂ ਦੋ ਸ਼ਬਦਾਂ -ਸੇਵਾ ਅਤੇ ਕਿਰਪਾ- ਨੂੰ ਸਮਝਣ ਨੇੜੇ ਪੁੱਜ ਪਾਵਾਂਗੇ। 
ਪਹਿਲਾਂ ਇਹ ਜਾਣ ਲਈਏ ਕਿ ਗੁਰੂ ਦੀ ਸੇਵਾ ਬਾਰੇ ਦੋ ਪੱਖ ਹਨ। 
ਪਹਿਲਾ ਹੈ ਬਾਹਰੀ ਪੱਖ। ਗੁਰਬਾਣੀ ਵਿੱਚ ਉਸਦਾ ਵੀ ਜਿਕਰ ਹੈ, ਪਰ ਬਹੁਤੀ ਥਾਈਂ ਸੇਵਾ ਦੇ ਅੰਦਰੂਨੀ ਭਾਵ ਹਨ। ਬਾਹਰੀ ਪੱਖ ਹੈ ਕਿ ਜਿਸ ਗੁਰੂ ਕੋਲੋਂ ਗਿਆਨ ਮਿਲ ਰਿਹਾ ਹੈ, ਉਸ ਦਾ ਸਤਿਕਾਰ। ਜਦ ਸਤਿਗੁਰੂ ਸ਼ਰੀਰ ਰੂਪ ਵਿਚਰਦੇ ਸਨ, ਓਦੋਂ ਅਸੀਂ ਉਨ੍ਹਾਂ ਕੋਲ਼ ਰਹਿ ਕੇ ਹੱਥੀਂ ਸੇਵਾ ਕਰਦੇ ਸੀ। ਅੱਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਸਤਿਕਾਰ ਦੇਣਾ, ਸੀਸ ਨਿਵਾਉਣਾ, ਸਾਂਭ-ਸੰਭਾਲ ਕਰਨਾ ਸੇਵਾ ਹੈ।
ਪਰ, ਗੁਰਬਾਣੀ ਵਿੱਚ ਗੁਰੂ ਦੀ ਸੇਵਾ ਦਾ ਜੋ ਬਾਰ-ਬਾਰ ਜਿਕਰ ਹੁੰਦਾ ਹੈ, ਉਸ ਸੇਵਾ ਨੂੰ ਜੇਕਰ ਸਿੱਧੇ ਲਫਜ਼ਾਂ ਵਿੱਚ ਕਹਿਣਾ ਹੋਵੇ ਤਾਂ ਇਹੋ ਭਾਵ ਹੈ ਕਿ ਗੁਰੂ ਦੀ ਕਹੀ ਗੱਲ ਨੂੰ ਅਮਲ ਵਿੱਚ ਲਿਆਉਣਾ। ਉਂਜ ਵੀ ਇਹ ਇੱਕ ਸਿੱਧੀ ਸਪਸ਼ਟ ਗੱਲ ਹੈ ਕਿ ਜੇ ਗੁਰੂ ਦੀ ਗੱਲ, ਗੁਰੂ ਦੇ ਗਿਆਨ, ਗੁਰੂ ਦੇ ਹੁਕਮ ਨੂੰ ਅਸੀਂ ਮੰਨਿਆ ਹੀ ਨਹੀਂ, ਤਾਂ ਫਿਰ ਸੇਵਾ ਕਾਹਦੀ ਕੀਤੀ? ਮੰਨਣ ਤੋਂ ਭਾਵ ਹੀ ਉਸ ਬਚਨ, ਉਸ ਹੁਕਮ ਨੂੰ ਜੀਵਨ ਵਿੱਚ ਢਾਲਣ ਨਾਲ਼ ਹੈ।
ਕੋਈ ਸਿਆਣਾ, ਕੋਈ ਵੱਡਾ ਸਾਡੇ ਘਰ ਵਿੱਚ ਹੋਵੇ ਜਿਸਨੂੰ ਅਸੀਂ ਹਰ ਤਰ੍ਹਾਂ ਨਾਲ਼ ਆਉਂਦੇ ਜਾਂਦੇ ਮੱਥੇ ਵੀ ਟੇਕੀਏ, ਉਸਦੀਆਂ ਲੱਤਾਂ ਵੀ ਘੁੱਟੀਏ, ਖਾਣ-ਪੀਣ ਲਈ ਸਭ ਕੁਝ ਕਰੀਏ – ਭਾਵ ਬਾਹਰੋਂ ਹਰ ਤਰ੍ਹਾਂ ‘ਸੇਵਾ’ ਕਰੀਏ, ਪਰ ਜੇ ਉਸਦੀ ਗੱਲ ਹੀ ਨਾ ਮੰਨੀਏ, ਤਾਂ ਉਹ ਸੇਵਾ ਨਹੀਂ ਹੈ। ਦਰ-ਅਸਲ ਅਸੀਂ ਸੇਵਾ ਦੇ ਮਾਇਨੇ ਹੀ ਬਾਹਰੀ ਰੱਖ ਲਏ ਹਨ। ਸੇਵਾ ਲਫਜ਼ ਦੇ ਅਰਥ ਹੀ ਬਦਲ ਚੁੱਕੇ ਨੇ, ਇਸਲਈ ਜਦ ਗੁਰੂ ਦੀ ਸੇਵਾ ਜੀ ਵੀ ਗੱਲ ਆਉਂਦੀ ਹੈ ਤਾਂ ਸਾਡੇ ਕੋਲ਼ ਮੱਥਾ ਟੇਕਣਾ, ਗੁਰਦੁਆਰੇ ਬਣਾਉਣਾ, ਫੁੱਲਾਂ ਦੀ ਵਰਖਾ, ਸੋਹਣੇ ਰੁਮਾਲੇ, ਪਾਲਕੀਆਂ, ਚੌਰ ਆਦਿ ਹੀ ਪੱਲੇ ਰਹਿ ਗਿਆ ਹੈ। ਗੁਰੂ ਦੀ ਸੇਵਾ ਦੇ ਅਸਲ ਭਾਵ ਨੂੰ ਅਸੀਂ ਗੌਲਿਆ ਹੀ ਨਹੀਂ। ਗੁਰੂ ਦੀ ਸੇਵਾ ਹੈ ਗੁਰੂ ਦੇ ਕਹੇ ਨੂੰ ਅਮਲ ਵਿੱਚ ਲਿਆਉਣਾ।
ਇਦਾਂ ਹੀ ਗੁਰੂ ਦੀ ‘ਕਿਰਪਾ’ ਵੀ ਅਸੀਂ ਕਿਸੇ ਹੋਰ ਪਾਸੇ ਨੂੰ ਲੈ ਗਏ। ਜਦ ਇਹ ਗੱਲ ਸਾਨੂੰ ਕਹਿ ਦਿੱਤੀ ਗਈ ਕਿ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੇਵਾ ਹੋਣੀ, ਫਿਰ ਕਮਜੋਰ ਮਨ ਨੂੰ ਬਹਾਨਾ ਮਿਲ ਗਿਆ। ਜਦ ਵੀ ਕੋਈ ਮਸਲਾ ਬਣਿਆ, ਨਾਲ਼ ਹੀ ਚੁੱਕ ਕੇ ਸਾਰਾ ਇਲਜਾਮ ਗੁਰੂ ਤੇ ਲਗਾ ਦੇਂਦੇ ਹਾਂ ਕਿ ਅਜੇ ਗੁਰੂ ਨੇ ਕਿਰਪਾ ਨਹੀਂ ਕੀਤੀ। ਅਸੀਂ ਭੁੱਲ ਹੀ ਜਾਂਦੇ ਹਾਂ ਕਿ ਗੁਰੂ ਤਾਂ ਸਦਾ ਹੀ ਕਿਰਪਾ ਕਰ ਰਿਹਾ ਹੈ।
ਹੁਣ ਜੇ ਇਸਨੂੰ ਇੰਝ ਦੇਖੋ ਕਿ ਗੁਰੂ ਉਹ ਹੈ ਜੋ ਗਿਆਨ ਦੇਂਦਾ ਹੈ। ਤਾਂ ਗੁਰੂ ਦੀ ਕਿਰਪਾ ਕੀ ਹੈ? ਗੁਰੂ ਦੀ ਕਿਰਪਾ ਹੈ ਗਿਆਨ। ਉਹ ਤਾਂ ਉਹ ਸਦਾ ਹੀ ਦੇ ਰਿਹਾ ਹੈ। ਸਗੋਂ ਗੁਰਬਾਣੀ ਨੇ ਤਾਂ ਗਿਆਨ/ਸ਼ਬਦ ਨੂੰ ਹੀ ਗੁਰੂ ਕਹਿ ਕੇ ਨਿਸਤਾਰਾ ਕਰਤਾ। ਗੁਰੂ ਗਿਆਨ ਦੇਂਦਾ ਹੈ। ਸਦਾ ਦੇਂਦਾ ਹੈ। ਕਦੀ ਨਹੀਂ ਰੁਕਦਾ। ਉਸਦੀ ਕਿਰਪਾ ਏਹੋ ਹੈ। ਉਹ ਅਪਣਾ ਕੰਮ ਪੂਰਾ ਕਰ ਰਿਹਾ ਹੈ। ਉਸਤੇ ਅਸੀਂ ਦੋਸ਼ ਨਹੀਂ ਲਗਾ ਸਕਦੇ ਕਿ ‘ਕਿਰਪਾ ਨਹੀਂ ਹੋਈ ਅਜੇ’। ਉਸਦੀ ਕਿਰਪਾ ਵਿੱਚ ਕੋਈ ਰੁਕਾਵਟ ਨਹੀਂ ਹੈ। ਉਹ ਲਗਾਤਾਰ ਕਿਰਪਾ ਕਰ ਰਿਹਾ ਹੈ। ਰੁਕਾਵਟ ਸਾਡੇ ਵੱਲੋਂ ਹੈ। ਅਸੀਂ ਉਸਦੀ ਕਿਰਪਾ ਨੂੰ ਅਮਲ ਵਿੱਚ ਨਹੀਂ ਲਿਆ ਰਹੇ। ਅਸੀਂ ਗੁਰੂ ਦੀ ਸੇਵਾ ਨਹੀਂ ਕਰ ਰਹੇ। ਉਸਦੀ ਸੇਵਾ ਹੀ ਤਾਂ ਸਾਡੀ ਜਿੰਮੇਵਾਰੀ ਸੀ। ਉਸਦੀ ਸੇਵਾ, ਉਸਦੀ ਕਹੀ ਗੱਲ ਉੱਤੇ ਅਮਲ ਕਰਨ ਵਿੱਚ ਅਸੀਂ ਹੀ ਪਿੱਛੇ ਰਹਿ ਜਾਂਦੇ ਹਾਂ। 
ਇਸਨੂੰ ਇੱਕ ਇਤਹਾਸਕ ਪ੍ਰਕਰਣ ਤੋਂ ਸਮਝ ਸਕਦੇ ਹਾਂ। ਪ੍ਰਿਥੀਚੰਦ ਨੇ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਦੀ (ਸਾਡੀ ਪਰਿਭਾਸ਼ਾ ਵਾਲੀ) ਸੰਗਤ ਤੇ ਸੇਵਾ ਕੀਤੀ ਸੀ। ਗੁਰੂ ਦੀ ਕਿਰਪਾ, ਗੁਰੂ ਦੇ ਹੁਕਮ, ਗੁਰੂ ਦੀ ਬਾਣੀ ਉਸਨੂੰ ਵੀ ਲਗਾਤਾਰ ਮਿਲਦੀ ਰਹੀ ਸੀ। ਗੁਰੂ ਨੇ ਅਪਣੀ ਕਿਰਪਾ ਘੱਟ ਨਹੀਂ ਕੀਤੀ, ਨਾ ਹੀ ਉਸ ਵਿੱਚ ਕੋਈ ਵਿਤਕਰਾ ਕੀਤਾ ਕਦੀ। 
ਕਿਰਪਾ ਤਾਂ ਮਿਲਦੀ ਰਹੀ, ਪਰ ਪ੍ਰਿਥੀਚੰਦ ਫੇਲ ਹੋਇਆ ਸੇਵਾ ਵਿੱਚ। ਉਹ ਗੁਰੂ ਦੀ ਕਿਰਪਾ -ਗੁਰੂ ਦੇ ਗਿਆਨ- ਨੂੰ ਅਮਲ ਵਿੱਚ ਨਹੀਂ ਲਿਆ ਸੱਕਿਆ।
ਯਾਦ ਰੱਖੀਏ, ਗਿਆਨ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਹੈ। ਕੋਈ ਤੋਟਾ ਨਹੀਂ ਉਸ ਵਿੱਚ। ਪਰ ਇਸਨੂੰ ਅਮਲ ਵਿੱਚ ਲਿਆਉਣਾ ਸਿਰਫ ਸਾਡੇ ਅਪਣੇ ਹੱਥ ਹੈ। ਕੋਈ ਹੋਰ ਇਹ ਨਹੀਂ ਕਰ ਸਕਦਾ। 
ਸੱਚਾ ਸਤਿਗੁਰੂ ਕਿਰਪਾ ਕਰਕੇ ਹਮੇਸ਼ਾ ਰਾਹ ਦੱਸਦਾ ਹੈ। ਲੋੜ ਹੈ ਕਿ ਅਸੀਂ ਖੁਦ ਨੂੰ ਤਿਆਰ ਕਰਕੇ ਉਸ ਰਾਹ ਤੇ ਚੱਲ ਕੇ ਗੁਰੂ ਦੀ ਸੇਵਾ ਕਰ ਲਈਏ।

ਇੰਦਰਜੀਤ ਸਿੰਘ ਪਠਾਨਕੋਟ

ਇਸ ਵੀਡੀਓ ਰਾਹੀਂ ਹੋਰ ਜਾਣੀਏ:

Leave a comment