ਗੁਨ ਗੋਬਿੰਦ ਗਾਇਓ ਨਹੀ

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

ਉੱਪਰੋਂ ਦੇਖਣ ਤੇ ਗੱਲ ਬੜੀ ਸੌਖੀ ਜਿਹੀ ਜਾਪਦੀ ਹੈ, ਜਿਵੇਂ ਅਸੀਂ ਅਕਸਰ ਅੱਖਰੀ ਅਰਥ ਕਰ ਲੈਂਦੇ ਹਾਂ – “ਰੱਬ ਦੇ ਗੁਣ ਗਾਏ ਨਹੀਂ, ਤੇ ਜਨਮ ਵਿਅਰਥ ਗੁਆ ਲਿਆ। ਨਾਨਕ ਇਹ ਕਹਿੰਦਾ ਹੈ ਕਿ ਹਰੀ ਦਾ ਭਜਨ ਕਰ, ਜਿਵੇਂ ਪਾਣੀ ਦੀ ਮਛਲੀ ਕਰਦੀ ਹੈ”।
ਪਰ ਧਿਆਨ ਨਾਲ਼ ਦੇਖੀਏ ਤਾਂ ਗੱਲ ਡੂੰਘੀ ਹੈ। ਗੁਣ ਕਿਵੇਂ ਗਾਉਣੇ ਨੇ? ਜੁਆਬ ਦਿੱਤਾ ਹੈ ਕਿ ਮਛਲੀ ਵਾਂਗ।
ਮੱਛੀ ਕਿਵੇਂ ਗਾਉਂਦੀ ਹੈ? ਜੇ ਇਹ ਨਹੀਂ ਪਤਾ ਤਾਂ ਸੁਆਲ ਤਾਂ ਬਣਿਆ ਹੀ ਰਹਿ ਗਿਆ।
ਅਸੀਂ ਅਕਸਰ ਅੱਖਰੀ ਅਰਥਾਂ ਤੱਕ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਗੁਰੂ ਦੀ ਗੱਲ ਨੂੰ ਸਮਝਣ ਲਈ। ਗੁਰੂ ਜੀ ਨੇ ਜੋ ਲਿਖਿਆ ਹੈ, ਉਹ ਸਾਡੇ ਲਈ ਹੈ, ਸਾਡੇ ਭਲੇ ਲਈ। ਉਸਨੂੰ ਸਮਝ ਕੇ ਜੀਵਨ ‘ਚ ਢਾਲ਼ ਕੇ ਹੀ ਭਲਾ ਹੋਣਾ। ਤੇ ਸਮਝਣ ਦਾ ਹੀ ਤਾਂ ਰੌਲ਼ਾ ਹੈ। ਸਮਾਂ ਤੇ ਮਸ਼ੱਕਤ ਲੱਗਦੀ ਹੀ ਹੈ। ਆਓ ਕੋਸ਼ਿਸ਼ ਕਰੀਏ ਸਮਝਣ ਦੀ।
ਮੱਛੀ ਨੂੰ ਕਿਸੇ ਨੇ ਗਾਉਂਦਿਆਂ ਨਹੀਂ ਸੁਣਿਆ। ਉਸਦਾ ਜੀਵਨ ਗਾਉਂਦਾ ਹੈ। ਮੂੰਹ ਤੋਂ ਨਿਕਲ਼ੇ ਲਫਜ਼ਾਂ ਦੀ ਗੱਲ ਨਹੀਂ ਹੈ ਏਥੇ। ਮੂੰਹ ਤੋਂ ਰੱਬ ਦੀਆਂ ਸਿਫਤਾਂ ਗਾਉਣ ਵਾਲ਼ੇ ਬਥੇਰੇ ਆਏ ਗਏ। ਰੱਬ ਕੋਈ ਖੁਸ਼ਾਮਦੀ ਨਹੀਂ ਕਿ ਅਸੀਂ ਗੁਣ ਗਾਈਏ ਤੇ ਉਹ ਖੁਸ਼ ਹੋ ਜੇ। ਗੁਰਬਾਣੀ ਇਸ ਗੱਲ ਦੀ ਹਾਮੀ ਨਹੀਂ ਭਰਦੀ ਕਿ ਰੱਬ ਨੂੰ ਖੁਸ਼ ਕਰਨ ਲਈ ਉਸਦੇ ਗੀਤ ਗਾਓ। ਬਾਣੀ ਵਿੱਚ “ਗੁਣ ਗਾਉਣਾ” ਕੀ ਹੈ, ਇਹ ਸਮਝਣਾ ਪਵੇਗਾ। ਜੇ ਬੋਲ ਕੇ ਗੁਣ ਗਾਉਣ ਨਾਲ਼ ਰੱਬ ਖੁਸ਼ ਹੁੰਦਾ ਹੈ, ਤਾਂ ਗੂੰਗੇ ਤਾਂ ਖੁਸ਼ੀ ਤੋਂ ਵਾਂਝੇ ਰਹਿ ਗਏ। ਤੇ ਜਿਹੜਾ ਮੰਗਤਾ ਸਾਰਾ ਦਿਨ ਰੱਬ ਦੇ ਨਾਂ ਤੇ ਮੰਗਦਾ ਹੈ, ਉਹ ਸਰਬੋਤਮ ਹੋ ਗਿਆ।
ਮੱਛੀ ਬੋਲਦੀ ਨਹੀਂ। ਕੋਈ ਗੀਤ ਨਹੀਂ ਗਾਉਂਦੀ। ਉਸਦੀ ਜ਼ੁਬਾਨ ਅਸੀਂ ਨਹੀਂ ਸਮਝਦੇ। ਇਸ ਲਈ ਐਸਾ ਕੀ ਗਾਉਂਦੀ ਹੈ ਜੋ ਗੁਰੂ ਜੀ ਉਸਦਾ ਉਦਾਹਰਣ ਦੇ ਰਹੇ ਨੇ?
ਪਾਣੀ ਵਿੱਚ ਰਹਿੰਦੀ ਮੱਛੀ ਉਸ ਵਿੱਚ ਹੀ ਜੀਵਨ ਬਤੀਤ ਕਰਦੀ ਹੈ। ਉਸ ਵਿੱਚ ਹੀ ਉਸਦਾ ਭੋਜਨ ਵੀ ਹੈ, ਉਸਦੇ ਸ਼ਿਕਾਰੀ ਵੀ। ਉਸ ਤੋਂ ਬਾਹਰ ਬਾਰੇ ਉਹ ਨਹੀਂ ਸੋਚਦੀ। ਬਾਹਰ ਕੱਢੋ ਤਾਂ ਤੜਫਦੀ ਹੈ। ਮੁੜ ਪਾਣੀ ‘ਚ ਪਾ ਦਵੋ, ਤਾਂ ਇੰਝ ਜਿਵੇਂ ਧੰਨਵਾਦੀ ਹੋ ਗਈ। ਉਸਦਾ ਜੀਵਨ ਗਾ ਰਿਹਾ ਹੈ। ਕੋਈ ਸ਼ਿਕਾਇਤ ਨਹੀਂ ਹੈ। ਭਾਵੇਂ ਉਸਦੇ ਸ਼ਿਕਾਰੀ ਵੀ ਓਥੇ ਨੇ। ਭਾਵੇਂ ਪਾਣੀ ਘੱਟ ਹੋਵੇ, ਪਰ ਉਹ ਉਸ ਵਿੱਚ ਹੀ ਖੁਸ਼ ਹੈ। ਉਸਨੂੰ ਬੋਲ ਕੇ, ਢੋਲਕੀ ਛੈਣੇ ਵਜਾ ਕੇ, ਜਾਂ ਕੋਈ ਅਡੰਬਰ ਕਰਕੇ ਰੱਬ ਦਾ ਧੰਨਵਾਦ ਜਾਂ ਗਿਲਾ ਕਰਨ ਦੀ ਲੋੜ ਨਹੀਂ। ਉਹ ਰੱਬ ਵੱਲੋਂ ਮਿਲ਼ੇ ਜੀਵਨ, ਤੇ ਉਸ ਜੀਵਨ ਦੇ ਨਿਯਮਾਂ ਵਿੱਚ ਰਹਿ ਕੇ ਅਪਣਾ ਜੀਵਨ ਜੀ ਰਹੀ ਹੈ।

ਮੇਰੇ ਮਨਾ, ਜਦ ਤੂੰ ਰੱਬੀ ਹੁਕਮ ਵਿੱਚ ਮਿਲ਼ੇ ਜੀਵਨ, ਤੇ ਉਸਦੇ ਉਤਾਰ-ਚੜ੍ਹਾਅ ਤੋਂ ਤੰਗ-ਪਰੇਸ਼ਾਨ ਹੁੰਦਾ ਹੈਂ, ਤੇ ਸ਼ੁਕਰ ਕਰਨ ਦੀ ਥਾਂ ਸ਼ਿਕਾਇਤਾਂ ਤੇ ਮੰਗਾਂ ‘ਚ ਪੈ ਜਾਂਦਾ ਹੈ, ਤਾਂ ਤੂੰ ਗੁਣ ਨਹੀਂ ਗਾ ਰਿਹਾ। ਹੋਰ ਨਹੀਂ ਤਾਂ ਉਸ ਮੱਛੀ ਤੋਂ ਹੀ ਸਿੱਖ ਲੈ।

Leave a comment